ਸਲੋਕ ਸਹਸਕ੍ਰਿਤੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੋਕ ਸਹਸਕ੍ਰਿਤੀ. ਦੇਖੋ, ਸਹਸਕ੍ਰਿਤੀ, ਸਹਸਾਕਿਰਤਾ ਅਤੇ ਗਾਥਾ ੫.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3194, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਲੋਕ ਸਹਸਕ੍ਰਿਤੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਲੋਕ ਸਹਸਕ੍ਰਿਤੀ : ਇਕ ਰਚਨਾ ਦਾ ਸਿਰਲੇਖ ਹੈ ਜਿਸ ਅਧੀਨ ਗੁਰੂ ਗ੍ਰੰਥ ਸਾਹਿਬ ਵਿਚ 71 ਪਦੇ ਸ਼ਾਮਲ ਹਨ। ਸੰਸਕ੍ਰਿਤ , ਪਾਲੀ ਅਤੇ ਪ੍ਰਾਕ੍ਰਿਤ ਦੇ ਮਿਸ਼ਰਤ ਭਾਸ਼ਾ ਰੂਪ ਲਈ ਸਹਸਕ੍ਰਿਤੀ ਪਦ ਵਰਤਿਆ ਗਿਆ ਹੈ ਜਿਸ ਵਿਚ ਇਹ ਸਲੋਕ ਰਚੇ ਗਏ ਹਨ। ਸਹਸਕ੍ਰਿਤੀ ਲਈ ਇਕ ਹੋਰ ਸ਼ਬਦ ‘ਗਾਥਾ` ਵਰਤਿਆ ਜਾਂਦਾ ਹੈ। ਸਲੋਕ ਸਹਸਕ੍ਰਿਤੀ ਸਿਰਲੇਖ ਹੇਠ ਸ਼ਾਮਲ ਕੀਤੇ 71 ਪਦਿਆਂ ਵਿਚੋਂ 67 ਗੁਰੂ ਅਰਜਨ ਦੇਵ ਜੀ ਦੇ ਅਤੇ ਬਾਕੀ ਚਾਰ ਗੁਰੂ ਨਾਨਕ ਦੇਵ ਜੀ ਦੇ ਰਚੇ ਹੋਏ ਹਨ। ਸੁਗਠਿਤ ਅਤੇ ਗੂੜ੍ਹ ਸ਼ੈਲੀ ਦੇ ਅਤੇ ਨਿਰਮਲਿਆਂ ਵਰਗੇ ਸ਼ਾਸਤ੍ਰੀ ਵਿਦਵਾਨਾਂ ਦੇ ਮਨਭਾਉਂਦੇ ਇਹ ਸਲੋਕ ਧਾਰਮਿਕ ਵਿਵਹਾਰ ਦੇ ਪਾਖੰਡ ਅਤੇ ਕਰਮਕਾਂਡ ਦਾ ਖੰਡਨ ਕਰਦੇ ਹਨ ਅਤੇ ਪਰਮਾਤਮਾ ਦੇ ਨਾਮ ਵਿਚ ਲੀਨਤਾ ਨੂੰ ਸੱਚੇ ਆਦਰਸ਼ ਵਜੋਂ ਸਾਮ੍ਹਣੇ ਲਿਆਂਉਂਦੇ ਹਨ। ਇਹ ਰਸਮੀ ਕ੍ਰਿਆਵਾਂ ਅਤੇ ਰੀਤਾਂ ਦੀ ਨਿਰਾਰਥਿਕਤਾ ਪ੍ਰਤੀ ਧਿਆਨ ਖਿਚਦੇ ਹਨ, ਵਿਅਕਤੀ ਤੇ ਪਰਮਾਤਮਾ ਦੇ ਨਿਰੰਤਰ ਨਾਮ ਸਿਮਰਨ ਲਈ ਜ਼ੋਰ ਪਾਉਂਦੇ ਹਨ ਕਿਉਂਕਿ ਨਾਮ ਸਿਮਰਨ ਇਕੋ ਇਕ ਖਜ਼ਾਨਾ ਹੈ ਜੋ ਸਦੀਵੀ ਹੈ ਅਤੇ ਮਨੁੱਖ ਨੂੰ ਬੰਧਨ ਤੋਂ ਮੁਕਤੀ ਪ੍ਰਦਾਨ ਕਰਦਾ ਹੈ। ਇਸ ਕਾਰਜ ਲਈ ਪਰਮਾਤਮਾ ਦੀ ਬਖਸ਼ਿਸ਼ ਅਤੇ ਗੁਰੂ ਦੀ ਪ੍ਰਾਪਤੀ ਪਹਿਲੀਆਂ ਲੋੜਾਂ ਹਨ। ਗੁਰੂ ਦੀ ਸ਼ਰਨ ਅਤੇ ਸੰਗਤ ਹੀ ਵਿਅਕਤੀ ਦੀ ਅਧਿਆਤਮਿਕਤਾ ਤੇ ਪ੍ਰਭਾਵ ਪਾਉਣ ਵਾਲੇ ਪਾਪਾਂ ਅਤੇ ਬੁਰਾਈਆਂ ਨੂੰ ਦੂਰ ਕਰਦੀ ਹੈ। ਪਰਮਾਤਮਾ ਹੀ ਕੇਵਲ ਸਤਿ ਅਤੇ ਅਤਿ ਸੁੰਦਰ ਹੈ। ਉਹ ਸਦੀਵੀ, ਪੂਰਨ , ਸਦਗੁਣ ਭਰਪੂਰ, ਸਭ ਦਾ ਪਾਲਣਹਾਰ, ਗੌਰਵਮਈ, ਸਰਵਉੱਚ, ਸਰਵਗਿਆਤਾ, ਸਮਝਿਆ ਨਾ ਜਾ ਸਕਣ ਵਾਲਾ, ਅਸੀਮ, ਸ਼ਰਧਾਲੂਆਂ ਦਾ ਪਿਆਰਾ ਅਤੇ ਉਹਨਾਂ ਦਾ ਰੱਖਿਅਕ ਹੈ। ਉਹ ਅਗਿਆਨ ਦੇ ਹਨੇਰੇ ਨੂੰ ਦੂਰ ਕਰਦਾ ਹੈ, ਬੁਰਾਈ ਅਤੇ ਪਾਪ ਦਾ ਨਾਸ ਕਰਦਾ ਹੈ। ਉਹ ਨਿਤਾਣਿਆਂ ਦਾ ਤਾਣ ਹੈ, ਉਹ ਨੀਚੋਂ ਊਚ ਬਣਾ ਦਿੰਦਾ ਹੈ, ਧਨਹੀਨਾਂ ਨੂੰ ਧਨਵਾਨ ਬਣਾਉਂਦਾ ਹੈ, ਸਭ ਰੋਗਾਂ ਤੋਂ ਮੁਕਤ ਕਰਦਾ ਹੈ; ਉਹ ਦਇਆ ਦਾ ਸ੍ਰੋਤ ਹੈ, ਜਗਤ ਦਾ ਨਿਰਦੇਸ਼ਕ ਹੈ ਅਤੇ ਮਜ਼ਬੂਰਾਂ ਦੀ ਰੱਖਿਆ ਕਰਦਾ ਹੈ। ਸੰਤ ਪੁਰਖ ਉਹ ਹੈ ਜੋ ਪਰਮਾਤਮਾ ਦਾ ਸਿਮਰਨ ਕਰਦਾ ਹੈ, ਸੁੱਖ ਅਤੇ ਦੁੱਖ ਨੂੰ ਸਮਾਨ ਸਮਝਦਾ ਹੈ ਅਤੇ ਉਸਦਾ ਜੀਵਨ ਪਵਿੱਤਰ ਅਤੇ ਦਵੈਖ-ਰਹਿਤ ਹੈ; ਉਹ ਸਭ ਤੇ ਦਇਆ ਕਰਦਾ ਹੈ ਅਤੇ ਆਪਣੇ ਆਪ ਨੂੰ ਪੰਜ ਵਿਕਾਰਾਂ ਤੋਂ ਦੂਰ ਰੱਖਦਾ ਹੈ; ਉਹ ਪਰਮਾਤਮਾ ਦੀ ਉਸਤਤਿ ਤੇ ਕਾਇਮ ਰਹਿੰਦਾ ਹੈ ਅਤੇ ਜਗਤ ਵਿਚ ਰਹਿੰਦਾ ਹੋਇਆ ਪਾਣੀ ਦੇ ਕਮਲ ਵਾਂਗ ਇਸ ਤੋਂ ਨਿਰਲੇਪ ਰਹਿੰਦਾ ਹੈ।


ਲੇਖਕ : ਤ.ਸ. ਅਤੇ ਅਨੁ. ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਲੋਕ ਸਹਸਕ੍ਰਿਤੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਲੋਕ ਸਹਸਕ੍ਰਿਤੀ : ਸਹਸਕ੍ਰਿਤੀ, ਸੰਸਕ੍ਰਿਤ ਭਾਸ਼ਾ ਦਾ ਹੀ ਬਦਲਿਆ ਇਕ ਲੋਕ-ਪ੍ਰਚਲੱਤ ਰੂਪ ਹੈ, ਜਿਸ ਵਿਚ ਪੁਰਾਣੇ ਵਿਆਕਰਣ ਨੇਮਾਂ ਦੀ ਬਹੁਤੀ ਪਾਬੰਦੀ ਨਹੀਂ। ਜਿਸ ਤਰ੍ਹਾਂ ਸਾਧ ਭਾਸ਼ਾ ਵਿਚ ਹਿੰਦ ਦੀਆਂ ਕਈ ਬੋਲੀਆਂ ਦਾ ਸੁਮੇਲ ਹੈ, ਇਸੇ ਤਰ੍ਹਾਂ ਸਹਸਕ੍ਰਿਤੀ ਵਿਚ ਸੰਸਕ੍ਰਿਤ ਵਾਲਾ ਢਾਂਚਾ ਰੱਖਕੇ ਪ੍ਰਾਕ੍ਰਿਤ, ਪਾਲੀ, ਅਪਭ੍ਰੰਸ਼ ਤੇ ਹੋਰ ਲੋਕ ਭਾਸ਼ਾਵਾਂ ਦੇ ਸ਼ਬਦ ਵਰਤਣ ਦੀ ਖੁੱਲ੍ਹ ਲਈ ਗਈ ਹੈ। ਇਹ ਖੁੱਲ੍ਹ ਜਾਣ ਕੇ ਕਿਸੇ ਇਕ ਵਿਅਕਤੀ ਨੇ ਨਹੀਂ ਲਈ, ਸਗੋਂ ਬਾਕੀ ਭਾਸ਼ਾਵਾਂ ਦੇ ਸੁਭਾਵਕ ਵਿਕਾਸ ਵਾਂਗ ਅਜਿਹੀ ਖੁੱਲ੍ਹਾਂ ਵਾਲੀ ਸੁਤੰਤਰ ਭਾਸ਼ਾ ਸਹਸਕ੍ਰਿਤੀ ਸਹਿਜੇ-ਸਹਿਜੇ ਰੂਪਮਾਨ ਹੋਈ ਹੈ।

          ਅਜਿਹੀ ਲੋਕ-ਸੰਸਕ੍ਰਿਤ ਸਹਸਕ੍ਰਿਤੀ ਵਿਚ ਗੁਰੂ ਨਾਨਕ ਸਾਹਿਬ ਨੇ ਚਾਰ ਤੇ ਗੁਰੂ ਅਰਜਨ ਦੇਵ ਜੀ ਨੇ 67 ਸ਼ਲੋਕ ਲਿਖੇ ਹਨ ਜੋ ਸਲੋਕ ਸਹਸਕ੍ਰਿਤੀ ਨਾਮ ਹੇਠ ਰਾਗ ਬੱਧ ਬਾਣੀ ਦੀ ਸਮਾਪਤੀ ਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਨ੍ਹਾਂ ਦਾ ਵਿਸ਼ਾ ਉਹੋ ਅਧਿਆਤਮਕ ਗਿਆਨ ਹੈ, ਜੋ ਬਾਕੀ ਗੁਰਬਾਣੀ ਵਿਚ ਦ੍ਰਿੜ੍ਹ ਕਰਾਇਆ ਗਿਆ ਹੈ। ਕਈ ਸੰਪ੍ਰਦਾਈ ਗਿਆਨੀਆਂ ਦਾ ਖ਼ਿਆਲ ਹੈ ਕਿ ਇਹ ਸ਼ਲੋਕ ਗੁਰੂ ਸਾਹਿਬ ਨੇ ਕਿਸੇ ਪੰਡਿਤ ਨੂੰ ਉਪਦੇਸ਼ ਦੇਣ ਲਈ ਉਚਾਰੇ ਸਨ। ਉਦਾਹਰਣ ਲਈ ਗੁਰੂ ਅਰਜਨ ਸਾਹਿਬ ਦੇ ਦੋ ਸ਼ਲੋਕ ਇਥੇ ਦਿੰਦੇ ਹਨ :

          ਮਸਕੰ ਭਗਨੰਤ ਸੈਲੰ, ਕਰਦੰਮ ਤਰੰਤ ਪਪੀਲਕਹ

          ਸਾਗਰੰ ਲੰਘੰਤਿ ਪਿੰਗੰ, ਤਮ ਪਰਗਾਸ ਅੰਧਕਹ,

          ਸਾਧ ਸੰਗੇਣਿ ਸਿਮਰੰਤਿ ਗੋਬਿੰਦ ਸਰਣਿ ਨਾਨਕ ਹਰਿ ਹਰਿ ਹਰੇ।

          ਤਿਲਕ ਹੀਣੰ ਜਥਾ ਬਿਪ੍ਰਾ, ਅਮਰ ਹੀਣੰ ਜਥਾ ਰਾਜਨਹ

          ਆਵਧ ਹੀਣੰ ਜਥਾ ਸੂਰਾ, ਨਾਨਕ ਧਰਮ ਹੀਣੰ ਤਥਾ ਬੈਸ੍ਨਵਹ

          ਹ. ਪੁ.––ਮ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.